ਬਰਨਾਲਾ ਸ਼ਹਿਰ ਦੇ ਬਾਜਵਾ ਪੱਤੀ ਵਿਖੇ ਬਣੇ ਗੁਰਦੁਆਰਾ ਸਾਹਿਬ ਵਿਖੇ ਅੱਜ ਦੁਪਹਿਰ ਸਮੇਂ ਭਿਆਨਕ ਅੱਗ ਲੱਗਣ ਨਾਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਗਨ ਭੇਂਟ ਹੋ ਗਿਆ। ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 9 ਸਰੂਪ ਸਨ, ਜਿਹਨਾਂ ਵਿੱਚੋਂ 8 ਸਰੂਪ ਸੁਰੱਖਿਅਤ ਹਨ, ਜਦੋਂਕਿ ਇੱਕ ਸਰੂਪ ਅਗਨ ਭੇਂਟ ਹੋ ਗਿਆ। ਇਸਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਵਾਲੀ ਪਾਲਕੀ ਵੀ ਜਲ ਕੇ ਰਾਖ ਹੋ ਗਈ। ਗੁਰਦੁਆਰਾ ਸਾਹਿੁਬ ਦੇ ਪ੍ਰਬੰਧਕਾਂ ਅਤੇ ਪ੍ਰਤੱਖ ਦਰਸ਼ੀਆਂ ਅਨੁਸਾਰ ਇਹ ਅੱਗ ਸਾਰਟ ਸਰਕਟ ਕਾਰਨ ਲੱਗੀ ਹੈ। ਅੱਗ ਗੁਰਦੁਆਰਾ ਸਾਹਿਬ ਦੇ ਹਾਲ ਵਿੱਚ ਲੱਗੀ ਅਤੇ ਇੱਕੋ ਦਮ ਭੜਕ ਗਈ। ਜਿਸ ਕਾਰਨ ਇੱਕ ਗੁਰੂ ਸਾਹਿਬ ਦਾ ਸਰੂਪ, ਗੱਦੇ, ਪੱਖੇ, ਦਰੀਆਂ, ਚਾਦਰਾਂ ਅਤੇ ਬਿਸਤਰੇ ਵਗੈਰਾ ਅਗਨ ਭੇਂਟ ਹੋ ਗਏ। ਘਟਨਾ ਸਥਾਨ ’ਤੇ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚਣ ਤੋਂ ਪਹਿਲਾਂ ਹੀ ਗੁਰਦੁਆਰਾ ਸਾਹਿਬ ਦੇ ਨੇੜੇ ਰਹਿੰਦੇ ਲੋਕਾਂ ਵਲੋਂ ਅੱਗ ’ਤੇ ਕਾਬੂ ਪਾ ਲਿਆ ਗਿਆ। ਘਟਨਾ ’ਤੇ ਐਸਜੀਪੀਸੀ ਦੇ ਨੁਮਾਇੰਦਿਆਂ ਤੋਂ ਇਲਾਵਾ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀ ਵੀ ਪਹੁੰਚੇ। ਜਿਹਨਾਂ ਵਲੋਂ ਮੌਕੇ ’ਤੇ ਘਟਨਾ ਦਾ ਜਾਇਜ਼ਾ ਲਿਆ ਗਿਆ। ਪੁਲਿਸ ਵਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਤੱਖਦਰਸ਼ੀਆਂ ਸ਼ੇਰ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਮੈਂਬਰ ਗੁਰਮੀਤ ਸਿੰਘ ਨੇ ਦੱਸਿਆ ਕਿ ਅੱਗ ਏਨੀ ਭਿਆਨਕ ਸੀ ਕਿ ਅੱਗ ਦਾ ਧੂੰਆਂ ਗੁਰਦੁਆਰਾ ਸਾਹਿਬ ਦੇ ਬਾਹਰ ਲਾਟਾਂ ਬਣ ਕੇ ਨਿਕਲ ਰਿਹਾ ਸੀ। ਜਿਸਤੋਂ ਬਾਅਦ ਉਹਨਾਂ ਵਲੋਂ ਨੇੜੇ ਦੇ ਰਹਿਣ ਵਾਲੇ ਲੋਕਾਂ ਨੂੰ ਇਕੱਠੇ ਕਰਕੇ ਗੁਰਦੁਆਰਾ ਸਾਹਿਬ ਦੀ ਗੇਟ ਖੋਲਿਆ ਗਿਆ। ਜਿਸਤੋਂ ਬਾਅਦ ਪਾਣੀ ਦੀਆਂ ਬਾਲਟੀਆਂ ਰਾਹੀਂ ਅੱਗ ਬੁਝਾਉਣ ਦੇ ਯਤਨ ਕੀਤੇ ਗਏ।
ਇਸ ਮੌਕੇ ’ਤੇ ਪਹੁੰਚੇ ਐਸਜੀਪੀਸੀ ਦੇ ਮੈਂਬਰ ਪਰਮਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਇਸ ਹਾਦਸੇ ਦੀ ਰਿਪੋਰਟ ਬਣਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇ ਦਿੱਤੀ ਗਈ ਹੈ। ਜਿਹਨਾਂ ਦੇ ਨੁਮਾਇੰਦੇ ਅੰਮ੍ਰਿਤਸਰ ਸਾਹਿਬ ਤੋਂ ਪਹੁੰਚ ਕੇ ਘਟਨਾ ਦੀ ਜਾਂਚ ਕਰਨਗੇ। ਉਹਨਾਂ ਕਿਹਾ ਕਿ ਗੁਰਦੁਆਰਾ ਸਾਹਿਬ ਵਿੱਚ 9 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਨ, ਜਿਹਨਾਂ ਵਿੱਚੋਂ 8 ਸਰੂਪ ਸੁਰੱਖਆ ਕੱਢ ਕੇ ਗੁਰਦੁਆਰਾ ਬਾਬਾ ਗਾਂਧਾ ਸਿੰਘ ਵਿਖੇ ਭੇਜ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਬਾਰੇ ਪ੍ਰਸ਼ਾਸ਼ਨ ਜਾਂਚ ਕਰ ਰਿਹਾ ਹੈ। ਜੇਕਰ ਕੋਈ ਵੀ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਤਾਂ ਉਸਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਧਰ ਇਸ ਮੌਕੇ ਪਹੁੰਚੇ ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਫ਼ਿਲਹਾਲ ਅੱਗ ਬੁਝਾ ਲਈ ਗਈ ਹੈ। ਮੁਢਲੀ ਜਾਂਚ ਵਿੱਚ ਅੱਗ ਦਾ ਕਾਰਨ ਸਾਰਟ ਸਰਕਟ ਦੱਸਿਆ ਜਾ ਰਿਹਾ ਹੈ। ਪਰ ਫ਼ਿਰ ਵੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ।
ਇਸ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਵਰਜੀਤ ਵਾਲੀਆ ਦੀ ਅਗਵਾਈ ਹੇਠ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ।ਡਿਪਟੀ ਕਮਿਸ਼ਨਰ ਸ੍ਰੀ ਫੂਲਕਾ ਨੇ ਦੱਸਿਆ ਕਿ ਇਸ ਮੰਦਭਾਗੀ ਘਟਨਾ ਬਾਰੇ ਪਤਾ ਲੱਗਣ ’ਤੇ ਫੌਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵੱਲੋਂ ਘਟਨਾ ਦੇ ਕਾਰਨਾਂ ਦਾ ਪਤਾ ਲਾਇਆ ਜਾਵੇਗਾ। ਇਹ ਕਮੇਟੀ ਐਸਡੀਐਮ ਵਰਜੀਤ ਵਾਲੀਆ ਦੀ ਅਗਵਾਈ ਹੇਠ ਬਣਾਈ ਗਈ ਹੈ, ਜਿਸ ਵਿੱਚ ਡੀਐਸਪੀ ਬਰਨਾਲਾ, ਗੁਰਦੁਆਰਾ ਪ੍ਰਬੰਧਕ, ਫਾਇਰ ਅਫਸਰ ਤੇ ਐਕਸੀਅਨ ਪੀਐਸਪੀਸੀਐਲ ਬਰਨਾਲਾ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਜਾਂਚ ਮਗਰੋਂ ਰਿਪੋਰਟ ਸੌਂਪਣਗੇ। ਉਨਾਂ ਆਖਿਆ ਕਿ ਕਿਸੇ ਵੀ ਧਾਰਮਿਕ ਸਥਾਨ ’ਤੇ ਅਜਿਹੀ ਮੰਦਭਾਗੀ ਘਟਨਾ ਨਾ ਵਾਪਰੇ, ਇਸ ਵਾਸਤੇ ਲੋੜੀਂਦੇ ਇਹਤਿਆਤਾਂ ਅਤੇ ਹੋਰ ਪੁਖਤਾ ਪ੍ਰਬੰਧਾਂ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ।
No comments:
Post a Comment