Sunday, 21 March 2021

ਫਰਾਂਸੀਸੀ ਔਰਤ ਨਾਲ ਸਮੂਹਿਕ ਜਬਰ ਜਨਾਹ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ, ਤਿੰਨ ਬੱਚਿਆਂ ਸਾਹਮਣੇ ਹੋਈ ਸੀ ਵਾਰਦਾਤ

          

ਲਾਹੌਰ, ਪੀਟੀਆਈ : ਪਾਕਿਸਤਾਨ 'ਚ ਫਰਾਂਸੀਸੀ ਔਰਤ ਨਾਲ ਸਮੂਹਿਕ ਜਬਰ ਜਨਾਹ ਦੇ ਮਾਮਲੇ 'ਚ ਅੱਤਵਾਦ ਰੋਕੂ ਅਦਾਲਤ ਨੇ ਦੋ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਵਾਈ ਹੈ। ਘਟਨਾ ਸਤੰਬਰ 2020 'ਚ ਲਾਹੌਰ-ਸਿਆਲਕੋਟ ਮਾਰਗ 'ਤੇ ਘਟੀ ਸੀ। ਘਟਨਾ ਤੋਂ ਬਾਅਦ ਪੂਰੇ ਦੇਸ਼ 'ਚ ਭਾਰੀ ਵਿਰੋਧ ਪ੍ਰਦਰਸ਼ਨ ਹੋਇਆ ਸੀ। ਲੋਕਾਂ ਨੇ ਦੋਸ਼ੀਆਂ ਨੂੰ ਖੁੱਲ੍ਹੇਆਮ ਫਾਂਸੀ 'ਤੇ ਲਟਕਾਉਣ ਦੀ ਮੰਗ ਕੀਤੀ ਸੀ।
ਵਾਰਦਾਤ 'ਚ ਪਾਕਿਸਤਾਨੀ ਮੂਲ ਦੀ ਫਰਾਂਸੀਸੀ ਔਰਤ ਨਾਲ ਉਸ ਦੇ ਤਿੰਨ ਬੱਚਿਆਂ ਦੇ ਸਾਹਮਣੇ ਆਬਿਦ ਮਲਹੀ ਤੇ ਸ਼ਫਾਕਤ ਬੱਗਾ ਨੇ ਸਮੂਹਿਕ ਜਬਰ ਜਨਾਹ ਕੀਤਾ ਸੀ। ਔਰਤ ਦੀ ਕਾਰ ਪੈਟਰੋਲ ਖ਼ਤਮ ਹੋ ਜਾਣ ਕਾਰਨ ਰਾਜਮਾਰਗ ਦੇ ਕਿਨਾਰੇ ਖੜੀ ਸੀ। ਉਸ ਸਮੇਂ ਦੋਵੇਂ ਦੋਸ਼ੀਆਂ ਨੇ ਉੱਥੇ ਪਹੁੰਚ ਕੇ ਕਾਰ ਦਾ ਲਾਕ ਤੋੜਿਆ ਤੇ ਵਾਰਦਾਤ ਨੂੰ ਅੰਜ਼ਾਮ ਦਿੱਤਾ। ਵਾਰਦਾਤ ਤੋਂ ਬਾਅਦ ਫਰਾਰ ਹੋ ਗਏ ਦੋਸ਼ੀਆਂ ਨੂੰ ਮਹੀਨੇ ਭਰ ਚੱਲੀ ਮੁਹਿੰਮ ਬਾਅਦ ਪੁਲਿਸ ਨੇ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੇ ਡੀਐਨਏ ਸੈਂਪਲ ਲੈ ਕੇ ਵਾਰਦਾਤ 'ਚ ਉਨ੍ਹਾਂ ਦਾ ਦੋਸ਼ ਸਾਬਤ ਕੀਤਾ ਗਿਆ।
ਅੱਤਵਾਦ ਰੋਕੂ ਅਦਾਲਤ ਦੇ ਜਸਟਿਸ ਅਰਸ਼ਦ ਹੁਸੈਨ ਭੱਟਾ ਨੇ ਮਲਹੀ ਤੇ ਬੱਗਾ ਨੂੰ ਮੌਤ ਦੀ ਸਜ਼ਾ ਦੇਣ ਨਾਲ ਹੀ ਉਨ੍ਹਾਂ 'ਤੇ 50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਅਦਾਲਤ ਨੇ ਡਕੈਤੀ ਮਾਮਲੇ 'ਚ ਦੋਵਾਂ ਨੂੰ ਉਮਰ ਕੈਦ ਤੇ ਕਾਰ ਦਾ ਤਾਲਾ ਤੋੜਣ ਲਈ ਪੰਜ ਸਾਲ ਦੀ ਜੇਲ੍ਹ ਦੀ ਸੁਣਾਈ ਗਈ ਹੈ।


No comments:

Post a Comment