ਸ਼ਾਮ ਸਿੰਘ ਘੁੰਮਣ, ਦੀਨਾਨਗਰ: ਦੀਨਾਨਗਰ ਦੇ ਗੁਰਦੁਆਰਾ ਯਾਦਗਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅੰਦਰ ਪਿਛਲੇ ਕੁਝ ਸਮੇਂ ਤੋਂ ਚੱਲ ਰਹੀ ਖਿੱਚੋਤਾਣ ਦਰਮਿਆਨ ਅੱਜ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਜਗੀਰ ਸਿੰਘ ਦੇ ਲੜਕੇ ਦਵਿੰਦਰ ਸਿੰਘ ਸਿੱਧੂ (36) ਨੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ।
ਮਿ੍ਤਕ ਦਵਿੰਦਰ ਸਿੰਘ ਪੇਸ਼ੇ ਵਜੋਂ ਕੈਟਰਿੰਗ ਦਾ ਕੰਮ ਕਰਦਾ ਸੀ। ਬਹਿਰਾਮਪੁਰ ਨੇੜਲੇ ਪਿੰਡ ਰਾਏਪੁਰ ਦਾ ਰਹਿਣ ਵਾਲਾ ਦਵਿੰਦਰ ਸਿੰਘ ਅਪਣੇ ਪਰਿਵਾਰ ਸਮੇਤ, ਜਿਸ ਵਿੱਚ ਉਸਦੀਆਂ ਤਿੰਨ ਬੇਟੀਆਂ ਵੀ ਸ਼ਾਮਲ ਹਨ, ਨਾਲ ਪਿਛਲੇ ਕਰੀਬ 12 ਸਾਲ ਤੋਂ ਗੁਰਦੁਆਰਾ ਯਾਦਗਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਿਖੇ ਹੀ ਰਹਿ ਰਿਹਾ ਸੀ। ਮਿ੍ਤਕ ਦੇ ਪਿਤਾ ਜਗੀਰ ਸਿੰਘ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਗੁਰਦੁਆਰਾ ਸਾਹਿਬ ਦੇ ਇੱਕ ਸਾਬਕਾ ਮੈਨੇਜਰ ਦੀ ਗੋਲਕ ਦੀ ਮਾਇਆ ਨਾਲ ਛੇੜਛਾੜ ਕਰਦਿਆਂ ਦੀ ਵੀਡਿਓ ਵਾਇਰਲ ਹੋਣ ਮਗਰੋਂ, ਉਕਤ ਸਾਬਕਾ ਮੈਨੇਜਰ ਗੁਰਬਚਨ ਸਿੰਘ ਅਤੇ ਇੱਕ ਹੋਰ ਰਜਿੰਦਰ ਸਿੰਘ ਉਰਫ ਹੈਪੀ ਭੱਟੀ ਨਾਂ ਦੇ ਵਿਅਕਤੀ ਉਸਨੂੰ ਬੁਰੀ ਤਰ੍ਹਾਂ ਜਲੀਲ ਅਤੇ ਤੰਗ ਪਰੇਸ਼ਾਨ ਕਰ ਰਹੇ ਸਨ। ਜਿਸ ਕਾਰਨ ਦਵਿੰਦਰ ਸਿੰਘ ਪਿਛਲੇ ਕੁਝ ਦਿਨਾਂ ਤੋਂ ਤਣਾਅ ਵਿੱਚ ਰਹਿ ਰਿਹਾ ਸੀ। ਉਹਨਾਂ ਦੱਸਿਆ ਕਿ ਅੱਜ ਸਵੇਰੇ ਸਾਢੇ ਕੁ ਦਸ ਵਜੇ ਦੇ ਕਰੀਬ ਜਦੋਂ ਗੁਰਦੁਆਰਾ ਸਾਹਿਬ ਦਾ ਇੱਕ ਹੋਰ ਗ੍ਰੰਥੀ ਕਰਨੈਲ ਸਿੰਘ ਕਿਸੇ ਕੰਮ ਲਈ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿੱਚ ਗਿਆ ਤਾਂ ਅੰਦਰ ਛੱਤ ਨਾਲ ਦਵਿੰਦਰ ਦੀ ਲਾਸ਼ ਲਟਕ ਰਹੀ ਸੀ, ਹਾਲਾਂਕਿ ਛੱਤ ਨਾਲ ਲਟਕਦੇ ਹੋਏ ਦਵਿੰਦਰ ਨੂੰ ਹੇਠਾਂ ਉਤਾਰ ਕੇ ਹਸਪਤਾਲ ਵੀ ਲਿਜਾਇਆ ਗਿਆ ਪਰ ਹਸਪਤਾਲ ਦੇ ਡਾਕਟਰਾਂ ਨੇ ਉਸਨੂੰ ਮਿ੍ਤਕ ਐਲਾਨ ਦਿੱਤਾ।
ਦੂਸਰੇ ਪਾਸੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਦੀਨਾਨਗਰ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਐਸਐਚਓ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮਿ੍ਤਕ ਦੇ ਪਿਤਾ ਜਗੀਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਦੋ ਵਿਅਕਤੀਆਂ, ਗੁਰਦੁਆਰਾ ਸਾਹਿਬ ਦੇ ਸਾਬਕਾ ਮੈਨੇਜਰ ਗੁਰਬਚਨ ਸਿੰਘ ਅਤੇ ਰਜਿੰਦਰ ਸਿੰਘ ਉਰਫ ਹੈਪੀ ਭੱਟੀ ਦੇ ਖਿਲਾਫ ਧਾਰਾ 306 ਤਹਿਤ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਦਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਅਖ਼ਬਾਰ ਦਾ ਪੱਤਰਕਾਰ ਸੀ।
ਕੀ ਸੀ ਵੀਡਿਓ ਵਾਇਰਲ ਦਾ ਮਾਮਲਾ
ਦਰਅਸਲ ਕੁਝ ਮਹੀਨੇ ਪਹਿਲਾਂ ਗੁਰਦੁਆਰਾ ਸਾਹਿਬ ਦੇ ਸਾਬਕਾ ਮੈਨੇਜਰ ਗੁਰਬਚਨ ਸਿੰਘ ਦੀ ਇੱਕ ਵੀਡਿਓ ਵਾਇਰਲ ਹੋਈ ਸੀ ਜਿਸ ਵਿੱਚ ਉਕਤ ਸਾਬਕਾ ਮੈਨੇਜਰ ਗੋਲਕ ਦੀ ਗਿਣਤੀ ਸਮੇਂ ਕੁਝ ਪੈਸੇ ਇੱਧਰ ਉਧਰ ਕਰ ਰਿਹਾ ਸੀ ਅਤੇ ਉਕਤ ਵੀਡਿਓ ਵਾਇਰਲ ਹੋਣ ਮਗਰੋਂ ਉਕਤ ਮੈਨੇਜਰ ਗੁਰਬਚਨ ਸਿੰਘ ਨੂੰ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਚੋਂ ਬਾਹਰ ਹੋਣਾ ਪਿਆ ਸੀ। ਹੁਣ ਮਿ੍ਤਕ ਦੇ ਪਿਤਾ ਨੇ ਦੋਸ਼ ਲਾਏ ਹਨ ਕਿ ਉਕਤ ਸਾਬਕਾ ਮੈਨੇਜਰ ਉਕਤ ਵੀਡਿਓ ਬਨਾਉਣ ਅਤੇ ਵਾਇਰਲ ਕਰਨ ਵਿੱਚ ਦਵਿੰਦਰ ਸਿੰਘ ਸਿੱਧੂ ਦਾ ਹੱਥ ਮੰਨਦਾ ਸੀ ਅਤੇ ਇਸ ਲਈ ਹੀ ਉਸਨੂੰ ਤੰਗ ਪਰੇਸ਼ਾਨ ਕਰਦਾ ਸੀ।
No comments:
Post a Comment