Tuesday, 13 April 2021

ਹੁਸ਼ਿਆਰਪੁਰ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਪੋਤੇ ਨੇ Serial ਦੇਖ ਕਤਲ ਕੀਤੀ ਦਾਦੀ, ਲਾਸ਼ ਨੂੰ ਲਾਈ ਅੱਗ


 ਹੁਸ਼ਿਆਰਪੁਰ (ਘੁੰਮਣ) : ਹੁਸ਼ਿਆਰਪੁਰ ਦੇ ਨੇੜਲੇ ਪਿੰਡ ਬੱਸੀ ਕਾਲੇ ਖਾਂ ਵਿਖੇ ਉਸ ਵੇਲੇ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ, ਜਦੋਂ ਇਕ ਨਾਬਾਲਗ ਪੋਤੇ ਵੱਲੋਂ ਆਪਣੀ ਕਰੀਬ 83 ਸਾਲਾ ਦਾਦੀ ਨੂੰ ਕਤਲ ਕਰ ਕੇ ਉਸ ਦੀ ਲਾਸ਼ ਨੂੰ ਅੱਗ ਲਾ ਦਿੱਤੀ ਗਈ। ਫਿਲਹਾਲ ਪੁਲਸ ਵੱਲੋਂ ਕਤਲ ਦੀ ਇਸ ਗੁੱਥ ਨੂੰ ਸੁਲਝਾਉਂਦੇ ਹੋਏ ਪੋਤੇ ਨੂੰ 10 ਘੰਟਿਆਂ ਅੰਦਰ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਕਿ ਯੁਵਰਾਜ ਸਿੰਘ (17) ਨੇ ਇਸ ਵਾਰਦਾਤ ਨੂੰ ਟੀ. ਵੀ. ਸੀਰੀਅਲ ਦੇਖ ਕੇ ਅੰਜਾਮ ਦਿੱਤਾ ਸੀ। ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਜੀਤ ਸਿੰਘ ਵਾਸੀ ਪਿੰਡ ਬੱਸੀ ਕਾਲੇ ਖਾਂ ਥਾਣਾ ਹਰਿਆਣਾ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਉਸ ਦੀ ਮਾਤਾ ਜੋਗਿੰਦਰ ਕੌਰ ਕਰੀਬ ਸਾਢੇ ਤਿੰਨ ਮਹੀਨੇ ਤੋਂ ਸੱਜੀ ਲੱਤ ਦੀ ਹੱਡੀ ਟੁੱਟ ਜਾਣ ਕਾਰਨ ਬੈੱਡ ’ਤੇ ਹੀ ਸਨ।


ਹਰਜੀਤ ਸਿੰਘ ਨੇ ਦੱਸਿਆ ਕਿ 12 ਅਪ੍ਰੈਲ ਨੂੰ ਉਸ ਦੇ ਵਿਆਹ ਦੀ ਵਰ੍ਹੇਗੰਢ ਹੋਣ ਕਾਰਨ ਉਹ ਆਪਣੀ ਪਤਨੀ ਜਸਪਾਲ ਕੌਰ ਨਾਲ ਦੁਪਹਿਰ ਦੇ ਕਰੀਬ 2 ਵਜੇ ਸਕੂਟਰ ’ਤੇ ਖਰੀਦਦਾਰੀ ਲਈ ਹਰਿਆਣਾ ਵਿਖੇ ਗਿਆ ਸੀ ਅਤੇ ਜਦੋਂ ਉਹ ਵਾਪਸ ਪਿੰਡ ਨੂੰ ਆ ਰਹੇ ਸਨ ਤਾਂ ਰਸਤੇ ਵਿਚ ਉਸ ਦੇ ਪੁੱਤਰ ਯੁਵਰਾਜ ਸਿੰਘ ਨੇ ਫੋਨ ਕਰ ਕੇ ਕਿਹਾ ਕਿ ਜਲਦੀ ਘਰ ਆ ਜਾਓ, ਘਰ ਵਿਚ ਕੁੱਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਹੈ। ਜਦੋਂ ਹਰਜੀਤ ਸਿੰਘ ਤੇ ਉਸ ਦੀ ਪਤਨੀ ਜਸਪਾਲ ਕੌਰ ਆਪਣੇ ਇਕ ਗੁਆਂਢੀ ਨੂੰ ਨਾਲ ਲੈ ਕੇ ਮੇਨ ਗੇਟ ’ਤੇ ਪਹੁੰਚੇ ਤਾਂ ਉਹ ਬੰਦ ਪਿਆ ਸੀ। ਇਸ ਤੋਂ ਬਾਅਦ ਉਨ੍ਹਾਂ ਘਰ ਦੇ ਛੋਟੇ ਗੇਟ ਰਾਹੀਂ ਦਾਖ਼ਲ ਹੋ ਕੇ ਅੰਦਰ ਦੇਖਿਆ ਤਾਂ ਉਨ੍ਹਾਂ ਦੀ ਮਾਤਾ ਦੇ ਕਮਰੇ ’ਚ ਉਸ ਦੇ ਬੈੱਡ ਨੂੰ ਅੱਗ ਲੱਗੀ ਹੋਈ ਸੀ। ਦੂਜੇ ਕਮਰੇ ਵਿਚ ਯੁਵਰਾਜ ਸਿੰਘ ਬੈੱਡ ਬਾਕਸ ’ਚ ਲੰਮਾ ਪਿਆ ਸੀ ਅਤੇ ਬੈੱਡ ਬਾਕਸ ਦੇ ਸਾਰੇ ਕੱਪੜੇ ਖਿੱਲਰੇ ਪਏ ਸਨ। ਉਸ ਦੇ ਹੱਥ-ਪੈਰ ਚੁੰਨੀ ਨਾਲ ਬੰਨ੍ਹੇ ਹੋਏ ਸਨ।


ਐੱਸ. ਐੱਸ. ਪੀ. ਨੇ ਦੱਸਿਆ ਕਿ ਹਰਜੀਤ ਸਿੰਘ ਦੇ ਬਿਆਨਾਂ ਅਨੁਸਾਰ ਉਨ੍ਹਾਂ ਨੇ ਯੁਵਰਾਜ ਦੇ ਹੱਥ ਪੈਰ ਖੋਲ੍ਹੇ ਅਤੇ ਰੌਲਾ ਪੈਣ ’ਤੇ ਪਿੰਡ ਦੇ ਲੋਕ ਵੀ ਇਕੱਠੇ ਹੋ ਗਏ, ਜਿੱਥੇ ਯੁਵਰਾਜ ਨੇ ਦੱਸਿਆ ਕਿ 4 ਵਿਅਕਤੀ ਪੌੜੀਆਂ ਕੋਲੋਂ ਘਰ ਵਿਚ ਦਾਖ਼ਲ ਹੋਏ ਸਨ ਅਤੇ ਉਸ ਦੇ ਹੱਥ-ਪੈਰ ਬੰਨ੍ਹ ਕੇ ਬੈੱਡ ’ਚ ਸੁੱਟ ਦਿੱਤਾ ਸੀ ਅਤੇ ਦਾਦੀ ਦੇ ਕਮਰੇ ਤੇ ਉਸ ਦੇ ਬੈੱਡ ਨੂੰ ਅੱਗ ਲਾ ਦਿੱਤੀ ਸੀ।  ਉਨ੍ਹਾਂ ਦੱਸਿਆ ਕਿ ਯੁਵਰਾਜ ਨੇ ਕਿਹਾ ਕਿ ਅਣਪਛਾਤੇ ਵਿਅਕਤੀਆਂ ਨੇ ਧਮਕੀ ਦਿੱਤੀ ਕਿ ਉਹ ਆਪਣੇ ਪਿਤਾ ਨੂੰ ਕਹੇ ਕਿ ਕੇਸ ਵਾਪਸ ਲੈ ਲਵੋ ਨਹੀਂ ਤਾਂ ਸਾਰਾ ਟੱਬਰ ਮਾਰ ਦਿੱਤਾ ਜਾਵੇਗਾ। ਅੱਗ ਲੱਗਣ ਕਾਰਨ ਬਜ਼ੁਰਗ ਜਨਾਨੀ ਦਾ ਸਰੀਰ ਬੁਰੀ ਤਰ੍ਹਾਂ ਸੜ ਗਿਆ ਸੀ ਅਤੇ ਉਸ ਦੇ ਮੱਥੇ ਦੇ ਸੱਜੇ ਪਾਸੇ ਡੂੰਘੇ ਜ਼ਖਮ ਦਾ ਨਿਸ਼ਾਨ ਸੀ। ਪੁਲਸ ਵੱਲੋਂ ਹਰਜੀਤ ਸਿੰਘ ਦੇ ਬਿਆਨਾਂ ’ਤੇ ਥਾਣਾ ਹਰਿਆਣਾ ਵਿਖੇ ਆਈ. ਪੀ. ਸੀ. ਦੀ ਧਾਰਾ 302/201/34 ਤਹਿਤ ਮਾਮਲਾ ਦਰਜ ਕੀਤਾ ਗਿਆ।


ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਮਾਮਲੇ ਨੂੰ ਸੁਲਝਾਉਣ ਲਈ ਐੱਸ. ਪੀ. (ਡੀ) ਰਵਿੰਦਰ ਪਾਲ ਸਿੰਘ ਸੰਧੂ, ਡੀ. ਐੱਸ. ਪੀ. (ਦਿਹਾਤੀ) ਗੁਰਪ੍ਰੀਤ ਸਿੰਘ ਅਤੇ ਥਾਣਾ ਹਰਿਆਣਾ ਦੇ ਇੰਸਪੈਕਟਰ ਹਰਗੁਰਦੇਵ ਸਿੰਘ ’ਤੇ ਆਧਾਰਿਤ ਟੀਮ ਬਣਾਈ ਗਈ। ਉਨ੍ਹਾਂ ਨੇ ਬਹੁਤ ਹੀ ਬਰੀਕੀ ਨਾਲ ਜਾਂਚ ਕਰਦਿਆਂ ਅਤੇ ਹਾਲਾਤਾਂ ਨੂੰ ਦੇਖਦੇ ਹੋਏ ਸ਼ੱਕ ਦੇ ਆਧਾਰ ’ਤੇ ਯੁਵਰਾਜ ਸਿੰਘ ਤੋਂ ਪੁੱਛਗਿੱਛ ਕੀਤੀ ਤਾਂ ਇਹ ਪਾਇਆ ਗਿਆ ਕਿ ਇਹ ਕਤਲ ਸੋਚੀ-ਸਮਝੀ ਸਾਜ਼ਿਸ਼ ਤਹਿਤ ਯੁਵਰਾਜ ਸਿੰਘ ਵੱਲੋਂ ਹੀ ਕੀਤਾ ਗਿਆ ਸੀ। ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਟੀਮ ਵੱਲੋਂ ਪੁੱਛਗਿੱਛ ਦੌਰਾਨ ਯੁਵਰਾਜ ਨੇ ਦੱਸਿਆ ਕਿ ਉਹ ਆਪਣੀ ਦਾਦੀ ਕੋਲੋਂ ਬਹੁਤ ਦੁਖੀ ਸੀ ਅਤੇ ਉਸ ਦੇ ਕਤਲ ਬਾਰੇ ਸੋਚਦਾ ਰਹਿੰਦਾ ਸੀ। ਉਸ ਨੇ ਹੀ 12 ਅਪ੍ਰੈਲ ਨੂੰ ਦਾਦੀ ਦੇ ਸਿਰ ਵਿਚ ਲੋਹੇ ਦੀ ਰਾਡ ਨਾਲ ਸੱਟਾਂ ਮਾਰ ਕੇ ਕਤਲ ਕਰਨ ਉਪਰੰਤ ਤੇਲ ਪਾ ਕੇ ਅੱਗ ਲਾ ਦਿਤੀ ਅਤੇ ਇਹ ਸਾਰੀ ਕਹਾਣੀ ਘੜ ਲਈ, ਜਿਸ ਉਪਰੰਤ ਆਪਣੇ ਮਾਤਾ-ਪਿਤਾ ਨੂੰ ਫੋਨ ਕਰ ਕੇ ਘਰ ਵਿਚ ਹਮਲਾ ਹੋਣ ਬਾਰੇ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਪੁਲਸ ਨੇ ਦੋਸ਼ੀ ਵੱਲੋਂ ਵਾਰਦਾਤ ਵਿਚ ਵਰਤੀ ਗਈ ਰਾਡ, ਤੇਲ ਦੀ ਕੈਨੀ ਅਤੇ ਬੋਤਲ ਆਦਿ ਬਰਾਮਦ ਕਰ ਲਈ ਹੈ।

No comments:

Post a Comment