Tuesday, 24 January 2023

ਸ੍ਰੀ ਮੁਕਤਸਰ ਸਾਹਿਬ : ਫਿਰੌਤੀ ਮੰਗਣ ਦੇ ਮਾਮਲੇ 'ਚ ਅਦਾਲਤ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ 6 ਫਰਵਰੀ ਤੱਕ ਨਿਆਂਇਕ ਹਿਰਾਸਤ 'ਤੇ ਭੇਜਿਆ


 

ਮੰਗਲਵਾਰ ਨੂੰ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ।ਜਿਥੇ ਸੁਣਵਾਈ ਤੋਂ ਬਾਅਦ ਅਦਾਲਤ ਨੇ ਜੱਗੂ ਭਗਵਾਨਪੁਰੀਆ ਨੂੰ 6 ਫਰਵਰੀ ਤੱਕ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ।ਤੁਹਾਨੂੰ ਦੱਸ ਦਈਏ ਕਿ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਦੇ ਵੱਲੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ 22 ਜਨਵਰੀ ਨੂੰ ਟਰਾਂਜ਼ਿਟ ਰਿਮਾਂਡ ਉੱਤੇ ਦਿੱਲੀ ਤੋਂ ਪੰਜਾਬ ਲਿਆਂਦਾ ਗਿਆ ਸੀ। ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ 24 ਜਨਵਰੀ ਤੱਕ ਪੁਲਿਸ ਰਿਮਾਂਡ ਲਈ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ।


ਜ਼ਿਕਰਯੋਗ ਹੈ ਕਿ ਜੱਗੂ ਭਗਵਾਨਪੁਰੀਆ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਸਿਟੀ ਵਿਖੇ ਦਰਜ ਕੀਤੀ ਗਈ ਐਫਆਈਆਰ ਵਿੱਚ ਮੁਕਤਸਰ ਲਿਆਂਦਾ ਗਿਆ ਹੈ। ਇਹ ਐਫਆਈਆਰ ਸਾਲ 2021 ਦੇ ਵਿੱਚ ਹਰਪਾਲ ਸਿੰਘ ਨਾਮ ਦੇ ਵਿਅਕਤੀ ਨੇ ਦਰਜ ਕਰਵਾਈ ਸੀ ਜਿਸ ਵਿੱਚ ਉਸ ਨੇ ਇਲਜ਼ਾਮ ਲਗਾਇਆ ਸੀ ਕਿ ਉਸ ਨੂੰ 3 ਵਿਦੇਸ਼ੀ ਨੰਬਰਾਂ ਤੋਂ ਫੋਨ ਕਰ ਕੇ 30 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ। ਇਹ ਵੀ ਧਮਕੀ ਦਿੱਤੀ ਸੀ ਕਿ ਪੈਸੇ ਨਾ ਦੇਣ 'ਤੇ ਪੁੱਤਰ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਧਮਕੀ ਦੇਣ ਵਾਲਾ ਵਿਅਕਤੀ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਦੱਸ ਰਿਹਾ ਸੀ।


ਇਸ ਦੇ ਨਾਲ ਹੀ ਗੈਨਗਸਟਰ ਦੇ ਵੱਲੋਂ ਉਸ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ ਕਿ ਉਹ 23 ਮਾਰਚ ਨੂੰ ਫਰੀਦਕੋਟ ਵਿੱਚ ਪੇਸ਼ ਹੋਣ ਜਾ ਰਿਹਾ ਹੈ। ਇਸ ਲਈ ਉਸ ਤੋਂ ਪਹਿਲਾਂ ਫਿਰੌਤੀ ਅਦਾ ਕੀਤੀ ਜਾਵੇ। ਇਸ ਮਾਮਲੇ ਵਿੱਚ ਪੁਲਿਸ ਨੇ ਦਮਨਪ੍ਰੀਤ ਨਾਮ ਦੇ ਵਿਅਕਤੀ ਨੂੰ ਟਰੇਸ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੇ ਪੁਲਿਸ ਹਿਰਾਸਤ 'ਚ ਕਬੂਲ ਕੀਤਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਉਸ ਤੋਂ ਇਹ ਸਾਰਾ ਕੰਮ ਕਰਵਾ ਰਿਹਾ ਸੀ।


ਪੁਲਿਸ ਨੇ ਦਸੰਬਰ 2022 ਵਿੱਚ ਲਾਰੈਂਸ ਨੂੰ ਦਿੱਲੀ ਤੋਂ ਮੁਕਤਸਰ ਦੀ ਅਦਾਲਤ ਵਿੱਚ ਪੇਸ਼ ਕੀਤਾ ਸੀ ਅਤੇ ਜਦੋਂ ਉਸ ਤੋਂ 9 ਦਿਨਾਂ ਦੇ ਵੱਖ-ਵੱਖ ਤਰੀਕਾਂ 'ਤੇ ਪੁਲਿਸ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਇਸ ਮਾਮਲੇ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਵੀ ਉਸ ਦੇ ਨਾਲ ਸੀ।

No comments:

Post a Comment