ਪੈਸੇ ਦਾ ਲਾਲਚ ਵਿਅਕਤੀ ਨੂੰ ਇੰਨਾ ਅੰਨ੍ਹਾ ਕਰ ਦਿੰਦਾ ਹੈ ਕਿ ਉਹ ਖ਼ੂਨ ਦੇ ਰਿਸ਼ਤੇ ਵੀ ਭੁੱਲ ਕੇ ਹੈਵਾਨੀਅਤ ਦੀ ਹੱਦ ਤੱਕ ਜਾ ਸਕਦਾ ਹੈ। ਅਜਿਹੀ ਹੀ ਇੱਕ ਹੈਰਾਨ ਕਰਨ ਵਾਲੀ ਘਟਨਾ ਅਮਰੀਕਾ ਦੇ ਕੈਲੇਫੋਰਨੀਆ, ਲਾਸ ਏਂਜਲਸ ਤੋਂ ਸਾਹਮਣੇ ਆਈ ਹੈ।
ਇੱਥੇ ਇੱਕ ਵਿਅਕਤੀ ਨੇ ਬੀਮੇ ਦੇ ਪੈਸੇ ਲੈਣ ਲਈ ਆਪਣੇ ਦੋ ਬੱਚਿਆਂ ਨੂੰ ਪਾਣੀ 'ਚ ਡੁਬੋ ਕੇ ਮਾਰ ਦਿੱਤਾ। ਇੱਥੇ ਹੀ ਬੱਸ ਨਹੀਂ, ਉਸ ਨੇ ਆਪਣੀ ਪਤਨੀ ਦਾ ਕਤਲ ਕਰਨ ਦੀ ਕੋਸ਼ਿਸ਼ ਵੀ ਕੀਤੀ। ਆਦਮੀ ਦੀ ਪਛਾਣ ਅਲੀ ਐਲਮੇਜ਼ੈਨ ਵਜੋਂ ਹੋਈ ਹੈ। ਬੱਚਿਆਂ ਦੀ ਹੱਤਿਆ ਤੋਂ ਤਕਰੀਬਨ ਪੰਜ ਸਾਲ ਬਾਅਦ ਅਲੀ ਐਲਮੇਜ਼ੈਨ ਨੂੰ ਹੁਣ ਉਸ ਦੇ ਕੀਤੇ ਜੁਰਮ ਦੀ ਸਜ਼ਾ ਸੁਣਾਈ ਗਈ ਹੈ।
ਕੇਸ ਦੀ ਸੁਣਵਾਈ ਕਰਦਿਆਂ, ਇੱਕ ਅਮਰੀਕੀ ਅਦਾਲਤ ਨੇ ਵੀਰਵਾਰ ਨੂੰ ਉਸ ਨੂੰ 212 ਸਾਲ ਕੈਦ ਦੀ ਸਜ਼ਾ ਸੁਣਾਈ। 2015 ਵਿੱਚ, 45 ਸਾਲਾ ਅਲੀ ਐਲਮੇਜ਼ੈਨ ਨੇ ਬੀਮੇ ਦੇ ਪੈਸੇ ਲੈਣ ਲਈ ਆਪਣੇ ਬੱਚਿਆਂ ਤੇ ਪਤਨੀ ਨੂੰ ਮਾਰਨ ਦੀ ਯੋਜਨਾ ਬਣਾਈ ਸੀ। ਮੀਡੀਆ ਰਿਪੋਰਟਾਂ ਮੁਤਾਬਿਕ, ਉਸ ਨੇ ਜੁਲਾਈ 2012 ਤੋਂ ਮਾਰਚ 2013 ਦੇ ਵਿਚਕਾਰ ਅੱਠ ਬੀਮਾ ਕੰਪਨੀਆਂ ਤੋਂ ਆਪਣੇ ਤੇ ਆਪਣੇ ਪਰਵਾਰ ਲਈ 3 ਮਿਲੀਅਨ ਡਾਲਰ (ਲਗਭਗ 21 ਕਰੋੜ ਰੁਪਏ) ਤੋਂ ਵੱਧ ਦੀ ਜੀਵਨ ਅਤੇ ਦੁਰਘਟਨਾ ਨਾਲ ਮੌਤ ਸਬੰਧੀ ਬੀਮਾ ਪਾਲਿਸੀਆਂ ਖ਼ਰੀਦੀਆਂ ਸਨ।
ਇਸ ਦੌਰਾਨ ਉਸ ਨੇ ਲਗਾਤਾਰ ਬੀਮਾ ਕੰਪਨੀਆਂ ਤੋਂ ਜਾਣਕਾਰੀ ਮੰਗੀ ਕਿ, ਕੀ ਉਸ ਨੂੰ ਆਪਣੀ ਪਤਨੀ ਅਤੇ ਬੱਚਿਆਂ ਦੀ ਦੁਰਘਟਨਾ ਕਾਰਨ ਹੋਈ ਮੌਤ ਤੋਂ ਬਾਅਦ ਇਹ ਪੈਸਾ ਮਿਲੇਗਾ। ਬੀਮਾ ਪਾਲਿਸੀ ਖ਼ਤਮ ਹੋਣ ਤੋਂ 12 ਦਿਨ ਪਹਿਲਾਂ ਐਲਮੇਜ਼ੈਨ ਨੇ ਆਪਣੇ ਬੱਚਿਆਂ ਨੂੰ ਝੀਲ ਵਿੱਚ ਡੁਬੋ ਕੇ ਮਾਰ ਦਿੱਤਾ।ਇਸ ਤੋਂ ਇਲਾਵਾ ਉਸ ਨੇ ਆਪਣੀ ਪਹਿਲੀ ਪਤਨੀ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਕਿਸਮਤ ਚੰਗੀ ਸੀ ਕਿ ਉਹ ਬੱਚ ਗਈ।
ਰਿਪੋਰਟ ਮੁਤਾਬਿਕ ਅਲੀ ਨੇ ਕਾਰ ਨੂੰ ਪਾਣੀ ਵਿੱਚ ਸੁੱਟਿਆ, ਜਿਸ ਵਿੱਚ ਪਤਨੀ ਤੇ ਬੱਚੇ ਵੀ ਸਨ। ਉਹ ਕਾਰ ਦਾ ਦਰਵਾਜ਼ਾ ਖੋਲ੍ਹਣ ਤੋਂ ਬਾਅਦ ਬਾਹਰ ਆਇਆ ਪਰ 8 ਸਾਲ ਤੇ 13 ਸਾਲ ਦੇ ਬੱਚੇ ਪਤਨੀ ਸਣੇ ਕਾਰ ਵਿਚ ਫਸ ਗਏ। ਇਸ ਦੌਰਾਨ ਕੁੱਝ ਮਛੇਰਿਆਂ ਨੇ ਕਾਰ ਡੁੱਬਦੀ ਦੇਖ ਪਾਣੀ ਵਿੱਚ ਛਾਲ ਮਾਰ ਦਿੱਤੀ ਅਤੇ ਉਸ ਦੀ ਪਤਨੀ ਨੂੰ ਬਚਾਇਆ, ਪਰ ਉਸ ਸਮੇਂ ਤੱਕ ਬੱਚਿਆਂ ਦੀ ਮੌਤ ਹੋ ਗਈ ਸੀ।
ਅਲੀ ਦਾ ਤੀਸਰਾ ਬੱਚਾ ਵੀ ਸੀ ਪਰ ਉਹ ਉਸ ਸਮੇਂ ਕਾਰ ਵਿਚ ਮੌਜੂਦ ਨਹੀਂ ਸੀ। ਯੂ.ਐੱਸ. ਜ਼ਿਲ੍ਹਾ ਜੱਜ ਜਾਨ ਆਰ ਵਾਲਟਰ ਨੇ ਕਿਹਾ "ਅਲੀ ਐਲਮੇਜ਼ੈਨ ਇੱਕ ਝੂਠਾ ਇਨਸਾਨ ਹੈ ਤੇ ਇਹ ਲਾਲਚੀ ਤੇ ਬੇਰਹਿਮ ਕਾਤਲ ਤੋਂ ਇਲਾਵਾ ਕੁੱਝ ਵੀ ਨਹੀਂ," ਉਨ੍ਹਾਂ ਅੱਗੇ ਕਿਹਾ ਕਿ ਅਲੀ ਨੂੰ ਆਪਣੇ ਬੱਚਿਆਂ ਦੀ ਮੌਤ ਦਾ ਅਫ਼ਸੋਸ ਨਹੀਂ ਹੈ, ਅਫ਼ਸੋਸ ਹੈ ਤਾਂ ਬੱਸ ਇਸ ਗੱਲ ਦਾ ਕਿ ਕਿ ਉਹ ਫਸ ਗਿਆ"।
No comments:
Post a Comment