Thursday, 25 March 2021

ਨਾਜਾਇਜ਼ ਸਬੰਧਾਂ ਦੇ ਸ਼ੱਕ ’ਚ ਪਤਨੀ ਦਾ ਕਤਲ, ਰਾਤ ਨੂੰ ਸਸਕਾਰ ਕਰ ਕੇ ਅਸਥੀਆਂ ਦਰਿਆ ’ਚ ਰੋੜ੍ਹੀਆਂ


 ਤਰਨਤਾਰਨ ਦੇ ਪਿੰਡ ਸੱਕਿਆਂਵਾਲੀ ’ਚ ਇਕ ਵਿਅਕਤੀ ਨੇ ਨਾਜਾਇਜ਼ ਸਬੰਧਾਂ ਦੇ ਸ਼ੱਕ ’ਚ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਰਾਤ ਸਮੇਂ ਉਸ ਦਾ ਸਸਕਾਰ ਕਰਕੇ ਅਸਥੀਆਂ ਤੇ ਰਾਖ ਬਿਆਸ ਦਰਿਆ ’ਚ ਰੋੜ੍ਹ ਦਿੱਤੀ। ਥਾਣਾ ਵੈਰੋਂਵਾਲ ਦੀ ਪੁਲਿਸ ਨੇ ਮੁਲਜ਼ਮ ਨੂੰ ਗਿ੍ਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਡੀਐੱਸਪੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਪਿੰਡ ਸੱਕਿਆਂਵਾਲੀ ਵਾਸੀ ਜਸਵਿੰਦਰ ਸਿੰਘ ਉਰਫ ਬੱਬਾ ਨੇ 22 ਮਾਰਚ ਨੂੰ ਥਾਣਾ ਵੈਰੋਂਵਾਲ ਵਿਖੇ ਆਪਣੀ ਪਤਨੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਦੇਣ ਤੋਂ ਬਾਅਦ ਬੱਬਾ ਨੇ ਆਪਣਾ ਫੋਨ ਬੰਦ ਕਰ ਲਿਆ। ਪੁਲਿਸ ਨੂੰ ਸ਼ੱਕ ਹੋਇਆ ਤਾਂ ਉਸ ਦੇ ਸਹੁਰੇ ਪਰਿਵਾਰ ਨਾਲ ਰਾਬਤਾ ਕਾਇਮ ਕੀਤਾ ਗਿਆ। 


ਮਿ੍ਤਕਾ ਦੇ ਭਰਾ ਨੇ ਸ਼ੱਕ ਜ਼ਾਹਰ ਕੀਤਾ ਕਿ ਉਸ ਦੀ ਭੈਣ ਦੇ ਗਾਇਬ ਹੋਣ ਪਿੱਛੇ ਉਸ ਦੇ ਜੀਜੇ ਜਸਵਿੰਦਰ ਸਿੰਘ ਦਾ ਹੱਥ ਹੋ ਸਕਦਾ ਹੈ। ਜਦੋਂ ਜਸਵਿੰਦਰ ਸਿੰਘ ਨੂੰ ਹਿਰਾਸਤ ’ਚ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਕਬੂਲ ਕੀਤਾ ਕਿ ਉਹ ਆਪਣੀ ਪਤਨੀ ’ਤੇ ਸ਼ੱਕ ਕਰਦਾ ਸੀ ਕਿ ਉਸ ਦੇ ਕਿਸੇ ਨਾਲ ਨਾਜਾਇਜ਼ ਸਬੰਧ ਹਨ ਜਿਸ ਕਾਰਨ ਉਸ ਨੇ ਆਪਣੀ ਪਤਨੀ ਦੀ ਹੱਤਿਆ ਕਰ ਕੇ ਤੇ ਉਸ ਦਾ ਸਸਕਾਰ ਕਰ ਕੇ ਅਸਥੀਆਂ ਤੇ ਰਾਖ ਬਿਆਸ ਦਰਿਆ ’ਚ ਰੋੜ ਦਿੱਤੇ। ਡੀਐੱਸਪੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਜਸਵਿੰਦਰ ਸਿੰਘ ਤੇ ਉਸਦੀ ਮਾਤਾ ਨਰਿੰਦਰ ਕੌਰ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

No comments:

Post a Comment