ਚੰਡੀਗੜ੍ਹ/ਅੰਮ੍ਰਿਤਸਰ (ਰਮਨਜੀਤ) : ਜੰਮੂ ਵਿਚ ਡਰੋਨ ਦੀ ਵਰਤੋਂ ਕਰਕੇ ਏਅਰਫੋਰਸ ਬੇਸ ’ਤੇ ਆਈ. ਈ. ਡੀ. ਸੁੱਟਣ ਦੀ ਘਟਨਾ ਤੋਂ ਅਗਲੇ ਹੀ ਦਿਨ ਡੀ. ਜੀ. ਪੀ. ਦਿਨਕਰ ਗੁਪਤਾ ਨੇ ਡਰੋਨਾਂ ਰਾਹੀਂ ਪੈਦਾ ਹੋਣ ਵਾਲੀਆਂ ਕੌਮੀ ਸੁਰੱਖਿਆ ਸਬੰਧੀ ਚੁਣੌਤੀਆਂ ਨਾਲ ਨਜਿੱਠਣ ਲਈ ਰਣਨੀਤੀ ਤਿਆਰ ਕਰਨ ਵਾਸਤੇ ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ਼.) ਅਤੇ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਨਾਲਇੱਥੇ ਉੱਚ ਪੱਧਰੀ ਮੀਟਿੰਗ ਕੀਤੀ।
ਡੀ. ਜੀ. ਪੀ. ਨੇ ਅਧਿਕਾਰੀਆਂ ਨੂੰ ਡਰੋਨ ਸਬੰਧੀ ਗਤੀਵਿਧੀਆਂ ਵਾਲੇ ਇਲਾਕਿਆਂ ਵਿਚ ਪਿਛਲੇ ਦੋ ਸਾਲਾਂ ਦੇ ਅੰਕੜਿਆਂ ਦੀ ਵਰਤੋਂ ਕਰਕੇ ਸੰਵੇਦਨਸ਼ੀਲ ਖੇਤਰਾਂ ਨੂੰ ਸੀਮਤ ਕਰਨ ਅਤੇ ਇਨ੍ਹਾਂ ਦੀ ਨਿਸ਼ਾਨਦੇਹੀ ਕਰਨ ਲਈ ਨਿਰਦੇਸ਼ ਦਿੱਤੇ। ਸਰਹੱਦੀ ਪਿੰਡਾਂ ਦੀਆਂ ਸੜਕਾਂ ’ਤੇ ਇਨਫਰਾਰੈੱਡ ਕਲੋਚਜ਼ਡ ਸਰਕਟ ਟੈਲੀਵਿਜਨ (ਸੀ.ਸੀ.ਟੀ.ਵੀ.) ਕੈਮਰੇ ਲਗਾਉਣ ਦੀ ਤਜਵੀਜ਼ ਪੇਸ਼ ਕਰਦਿਆਂ ਡੀ. ਜੀ. ਪੀ. ਨੇ ਅਧਿਕਾਰੀਆਂ ਨੂੰ ਸੰਵੇਦਨਸ਼ੀਲ ਇਲਾਕਿਆਂ/ਸੜਕਾਂ ’ਤੇ ਕੈਮਰੇ ਲਗਾਉਣ ਵਾਲੇ ਸੰਭਾਵਿਤ ਪੁਆਇੰਟਾਂ ਦੀ ਸੂਚੀ ਬਣਾਉਣ ਲਈ ਵੀ ਨਿਰਦੇਸ਼ ਦਿੱਤੇ।
ਇਸ ਮੀਟਿੰਗ ਦੌਰਾਨ ਪੰਜਾਬ ਪੁਲਸ ਦੇ ਸੀਨੀਅਰ ਅਧਿਕਾਰੀਆਂ ਵਿਚ ਏ. ਡੀ. ਜੀ. ਪੀ. ਇੰਟਰਨਲ ਸਕਿਓਰਿਟੀ ਆਰ.ਐੱਨ. ਢੋਕੇ, ਏ. ਡੀ. ਜੀ. ਪੀ. ਐੱਸ. ਟੀ. ਐੱਫ਼. ਬੀ. ਚੰਦਰਸ਼ੇਖਰ ਅਤੇ ਆਈ. ਜੀ. ਬਾਰਡਰ ਰੇਂਜ ਐੱਸ. ਪੀ. ਐੱਸ. ਪਰਮਾਰ ਸ਼ਾਮਲ ਸਨ, ਜਦੋਂ ਕਿ ਆਈ. ਜੀ. ਬੀ. ਐੱਸ. ਐੱਫ਼. ਮਹੀਪਾਲ ਯਾਦਵ ਅਤੇ ਪੰਜਾਬ ਦੇ ਵੱਖ-ਵੱਖ ਬੀ. ਐੱਸ. ਐੱਫ਼. ਸੈਕਟਰਾਂ ਦੇ ਡੀ. ਆਈ. ਜੀ. ਵੀ ਮੌਜੂਦ ਸਨ। ਇਸ ਤੋਂ ਇਲਾਵਾ ਮੀਟਿੰਗ ਵਿਚ ਸੀ. ਪੀ. ਅੰਮ੍ਰਿਤਸਰ ਸੁਖਚੈਨ ਸਿੰਘ ਗਿੱਲ, ਐੱਸ. ਐੱਸ. ਪੀ. ਮਜੀਠਾ ਗੁਲਨੀਤ ਸਿੰਘ ਅਤੇ ਐੱਸ. ਐੱਸ. ਪੀ. ਤਰਨਤਾਰਨ ਧਰੁਮਨ ਨਿੰਬਲੇ ਵੀ ਸ਼ਾਮਲ ਸਨ।
ਮੀਟਿੰਗ ਦੌਰਾਨ ਡੀ. ਜੀ. ਪੀ. ਦਿਨਕਰ ਗੁਪਤਾ ਨੇ ਸੀ. ਪੀ. ਅੰਮ੍ਰਿਤਸਰ ਤੇ ਐੱਸ. ਐੱਸ. ਪੀਜ਼ ਨੂੰ ਆਪਣੇ ਸਬੰਧਿਤ ਖੇਤਰਾਂ ਵਿਚ ਨਸ਼ਾ ਤਸਕਰਾਂ/ ਸਪਲਾਇਰ ਖ਼ਿਲਾਫ਼ ਕਾਰਵਾਈ ਕਰਨ ਦੀ ਹਦਾਇਤ ਕੀਤੀ। ਗੁਪਤਾ ਨੇ ਉਨ੍ਹਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਸਬੰਧਿਤ ਖੇਤਰਾਂ ਵਿਚ ਨਸ਼ਿਆਂ ਦੀ ਤਸਕਰੀ ਦੇ ਹੌਟਸਪੌਟਸ (ਥਾਵਾਂ) ਦੀ ਪਛਾਣ ਕਰਨ ਅਤੇ ਨਸ਼ੇ ਵੇਚਣ/ਤਸਕਰੀ ਕਰਨ ਵਾਲੇ ਸਾਰੇ ਲੋਕਾਂ ਨੂੰ ਨਕੇਲ ਪਾਉਣ ਲਈ ਢੁੱਕਵੀਂ ਕਾਰਵਾਈ ਸ਼ੁਰੂ ਕਰਨ।
No comments:
Post a Comment