ਦਿੱਲੀ ਪੁਲਿਸ ਉਤੇ ਨੌਜਵਾਨ ਆਗੂ ਲੱਖਾ ਸਿਧਾਣਾ ਦੇ ਭਰਾ ਦੀ ਕੁੱਟਮਾਰ ਦੇ ਦੋਸ਼ਾਂ ਤੋਂ ਬਾਅਦ ਇਹ ਮਾਮਲਾ ਭਖ ਗਿਆ ਹੈ। ਇਸ ਕੁੱਟਮਾਰ ਦੀ ਜਿਥੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੰਧੂ ਨੇ ਨਿੰਦਾ ਕੀਤੀ ਹੈ, ਉਥੇ ਲੱਖਾ ਸਿਧਾਣਾ ਨੇ ਪੰਜਾਬੀਆਂ ਨੂੰ ਖਬਰਦਾਰ ਕੀਤਾ ਹੈ।
ਉਨ੍ਹਾਂ ਆਖਿਆ ਹੈ ਕਿ ਅਜਿਹਾ ਕਿਸੇ ਨਾਲ ਵੀ ਹੋ ਸਕਦਾ ਹੈ। ਇਸ ਲਈ ਹੁਣ ਆਵਾਜ਼ ਚੁੱਕਣ ਦੀ ਲੋੜ ਹੈ। ਉਨ੍ਹਾਂ ਨੇ ਇਸ ਮਾਮਲੇ ਵਿਚ ਪੰਜਾਬ ਸਰਕਾਰ ਦੀ ਨਲਾਇਕੀ ਉਤੇ ਵੀ ਸਵਾਲ ਚੁੱਕੇ। ਲੱਖੇ ਨੇ ਕਿਹਾ ਕਿ ਆਉਂਦੇ ਦਿਨਾਂ ਵਿਚ ਦਿੱਲ਼ੀ ਪੁਲਿਸ ਹੋਰ ਨੌਜਵਾਨਾਂ ਖਿਲਾਫ ਕਾਰਵਾਈ ਕਰ ਸਕਦੀ ਹੈ। ਪੁਲਿਸ ਵੱਡੀ ਗਿਣਤੀ ਨੌਜਵਾਨਾਂ ਦੀਆਂ ਲਿਸਟਾਂ ਬਣਾਈ ਬੈਠੀ ਹੈ। ਇਸ ਲਈ ਤਕੜੇ ਹੋ ਜਾਵੋ ਤੇ ਜੇਕਰ ਪਿੰਡ ਵਿਚ ਕਿਸੇ ਨੌਜਵਾਨ ਦੀ ਗ੍ਰਿਫਤਾਰੀ ਲ਼ਈ ਪੁਲਿਸ ਆਉਂਦੀ ਹੈ ਤਾਂ ਉਸ ਦਾ ਡਟਵਾਂ ਵਿਰੋਧ ਕੀਤਾ ਜਾਵੇ।
ਉਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਦਿੱਲੀ ਪੁਲਿਸ ਖਿਲਾਫ ਕੇਸ ਦਰਜ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਇਸ ਬਾਰੇ ਰਣਨੀਤੀ ਬਣਾਈ ਜਾਵੇਗੀ।
ਦੱਸ ਦਈਏ ਕਿ ਦਿੱਲੀ ਪੁਲਿਸ ਉਤੇ ਨੌਜਵਾਨ ਆਗੂ ਲੱਖਾ ਸਿਧਾਣਾ ਦੇ ਭਰਾ ਦੀ ਕੁੱਟਮਾਰ ਦੇ ਦੋਸ਼ ਲੱਗੇ ਹਨ। ਲੱਖਾ ਸਿਧਾਣੇ ਦੇ ਚਾਚੇ ਦੇ ਪੁੱਤ ਗੁਰਦੀਪ ਸਿੰਘ ਉਤੇ ਪੁਲਿਸ ਤਸ਼ੱਦਦ ਦੇ ਦੋਸ਼ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਗੁਰਦੀਪ ਨੂੰ ਪਟਿਆਲੇ ਤੋਂ ਚੁੱਕਿਆ ਸੀ। ਤਿੰਨ ਦਿਨ ਪਹਿਲਾਂ ਉਹ ਪਟਿਆਲਾ ਗਿਆ ਸੀ, ਜਿੱਥੋਂ ਪੁਲਿਸ ਨੇ ਉਸ ਨੂੰ ਚੁੱਕ ਲਿਆ।
ਲੱਖਾ ਸਿਧਾਣਾ ਨੇ ਸਵਾਲ ਚੁੱਕੇ ਹਨ ਕਿ ਦਿੱਲੀ ਦੀ ਪੁਲਿਸ ਪਟਿਆਲਾ ਵਿਚ ਆ ਕੇ ਕਿਵੇਂ ਪੰਜਾਬ ਪੁਲਿਸ ਦੀ ਬਿਨਾਂ ਜਾਣਕਾਰੀ ਤੋਂ ਕਿਸੇ ਨੂੰ ਇਸ ਤਰ੍ਹਾਂ ਚੁੱਕ ਸਕਦੀ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਪੁਲਿਸ ਦਬਾਅ ਬਣਾ ਰਹੀ ਹੈ ਕਿ ਲੱਖਾ ਸਿਧਾਣਾ ਅੰਦੋਲਨ ਤੋਂ ਪਿੱਛੇ ਹਟ ਜਾਵੇ।
No comments:
Post a Comment